ਸੋਨੇ ਨੇ ਰਚਿਆ ਨਵਾਂ ਇਤਿਹਾਸ, ਪਹਿਲੀ ਵਾਰ ਕੀਮਤ 1 ਲੱਖ ਰੁਪਏ ਤੋਂ ਉੱਤੇ
ਸੋਨੇ ਦੀਆਂ ਕੀਮਤਾਂ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਅਤੇ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ 1,00,314 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈਆਂ ਹਨ। ਵਿਸ਼ਵਵਿਆਪੀ ਭੂ-ਰਾਜਨੀਤਿਕ ਤਣਾਅ ਅਤੇ ਘਰੇਲੂ ਮੁਦਰਾ ਰੁਪਏ ਵਿੱਚ ਕਮਜ਼ੋਰੀ ਦੇ ਕਾਰਨ ਸੋਨੇ ਦੀਆਂ ਕੀਮਤਾਂ ਵਧ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਤਣਾਅ ਹੋਰ ਵਧਦਾ ਹੈ, ਤਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਾ 3,500 ਡਾਲਰ ਪ੍ਰਤੀ ਔਂਸ ਤੱਕ ਜਾ ਸਕਦਾ ਹੈ।

ਮਲਟੀ ਕਮੋਡਿਟੀ ਐਕਸਚੇਂਜ (MCX) ‘ਚ ਸੋਨੇ ਦੀਆਂ ਕੀਮਤਾਂ ਨੇ ਇਕ ਨਵਾਂ ਰਿਕਾਰਡ ਬਣਾਇਆ। ਸ਼ੁੱਕਰਵਾਰ ਨੂੰ ਸੋਨਾ 1,00,314 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਇਹ ਪਹਿਲੀ ਵਾਰ ਹੈ ਕਿ ਭਾਰਤ ਦੇ ਘਰੇਲੂ ਬਾਜ਼ਾਰ ਵਿੱਚ ਸੋਨਾ 1 ਲੱਖ ਰੁਪਏ ਦੀ ਲਕੀਰ ਪਾਰ ਕਰ ਗਿਆ।
ਇਸ ਵਾਧੇ ਦੇ ਪਿੱਛੇ ਕਈ ਕਾਰਨ ਹਨ। ਵਿਸ਼ਵ ਵਿਚ ਚੱਲ ਰਹੇ ਭੂ-ਰਾਜਨੀਤਿਕ ਤਣਾਅ, ਖ਼ਾਸ ਕਰਕੇ ਇਜ਼ਰਾਈਲ ਅਤੇ ਈਰਾਨ ਵਿਚਕਾਰ ਵਧਦੇ ਖਿੱਚਾਅ ਨੇ ਨਿਵੇਸ਼ਕਾਂ ਨੂੰ ਸੋਨੇ ਵਲ ਮੋੜ ਦਿੱਤਾ ਹੈ। ਐਸਐਸ ਵੈਲਥਸਟ੍ਰੀਟ ਦੀ ਸੁਗੰਧਾ ਸਚਦੇਵਾ ਨੇ ਕਿਹਾ ਕਿ ਇਜ਼ਰਾਈਲ ਦੇ ਈਰਾਨੀ ਠਿਕਾਣਿਆਂ 'ਤੇ ਕੀਤੇ ਹਮਲਿਆਂ ਨੇ ਸੋਨੇ ਦੀ ਕੀਮਤ ਉੱਤੇ ਵੱਡਾ ਅਸਰ ਪਾਇਆ। ਉਹ ਕਹਿੰਦੇ ਹਨ ਕਿ ਜੇ ਤਣਾਅ ਹੋਰ ਵਧਿਆ ਤਾਂ ਅੰਤਰਰਾਸ਼ਟਰੀ ਮਾਰਕੀਟ ਵਿੱਚ ਸੋਨਾ 3,500 ਡਾਲਰ ਪ੍ਰਤੀ ਔਂਸ ਤੱਕ ਵੀ ਜਾ ਸਕਦਾ ਹੈ।
ਦੂਜੇ ਪਾਸੇ, ਰੁਪਏ ਦੀ ਗਿਰਾਵਟ ਨੇ ਵੀ ਸੋਨੇ ਦੀ ਕੀਮਤ ਚੜ੍ਹਾਉਣ ਵਿੱਚ ਆਪਣਾ ਰੋਲ ਨਿਭਾਇਆ। LKP ਸਿਕਿਓਰਿਟੀਜ਼ ਦੇ ਜਤਿਨ ਤ੍ਰਿਵੇਦੀ ਨੇ ਦੱਸਿਆ ਕਿ ਰੁਪਇਆ 60 ਪੈਸੇ ਡਿੱਗ ਕੇ 86.10 ਰੁਪਏ ਪ੍ਰਤੀ ਡਾਲਰ ਹੋ ਗਿਆ, ਜਿਸ ਕਰਕੇ ਆਯਾਤ ਕੀਤਾ ਗਿਆ ਸੋਨਾ ਹੋਰ ਮਹਿੰਗਾ ਹੋ ਗਿਆ। ਇਸ ਨਾਲ ਘਰੇਲੂ ਮਾਰਕੀਟ ਵਿੱਚ ਵੀ ਕੀਮਤਾਂ ਚੜ੍ਹਦੀਆਂ ਗਈਆਂ।
ਸੋਨੇ ਦੀ ਇਹ ਚੜ੍ਹਤ ਸਿਰਫ਼ ਭੂ-ਰਾਜਨੀਤਿਕ ਤਣਾਅ ਕਰਕੇ ਨਹੀਂ, ਸੱਟੇਬਾਜ਼ੀ ਕਾਰੋਬਾਰ ਦੀ ਵੀ ਵੱਡੀ ਭੂਮਿਕਾ ਮੰਨੀ ਜਾ ਰਹੀ ਹੈ। ਜੂਲੀਅਸ ਬੇਅਰ ਦੇ ਕਾਰਸਟਨ ਮੇਨਕੇ ਮੁਤਾਬਕ, ਇਨ੍ਹਾਂ ਦਿਨਾਂ ਵਿੱਚ ਐਲਗੋਰਿਦਮਿਕ ਖਰੀਦ-ਫਰੋਖਤ ਅਤੇ ਸੱਟੇਬਾਜ਼ੀ ਸੌਦੇ ਨੇ ਵੀ ਕੀਮਤ ਨੂੰ ਉਚਾਈਆਂ 'ਤੇ ਪੁਚਾਇਆ। ਉਹ ਕਹਿੰਦੇ ਹਨ ਕਿ ਹਰ ਵਾਰ ਭੂ-ਰਾਜਨੀਤਿਕ ਸੰਕਟਾਂ ਵਿੱਚ ਸੋਨਾ ਭਰੋਸੇਯੋਗ ਨਹੀਂ ਰਹਿੰਦਾ।
2025 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੋਨੇ ਨੇ ਲਗਭਗ 31% ਦਾ ਰਿਟਰਨ ਦਿੱਤਾ ਹੈ। ਵੈਂਚੁਰਾ ਸਿਕਿਓਰਿਟੀਜ਼ ਦੇ ਐਨਐਸ ਰਾਮਾਸਵਾਮੀ ਦੇ ਅਨੁਸਾਰ ਨੇੜਲੇ ਸਮੇਂ ਵਿੱਚ ਸੋਨੇ ਦੀ ਕੀਮਤ 1,02,000 ਰੁਪਏ ਤੱਕ ਵੀ ਪਹੁੰਚ ਸਕਦੀ ਹੈ। ਉੱਥੇ ਹੀ, ਵਿਸ਼ਵ ਦੀਆਂ ਵੱਡੀਆਂ ਨਿਵੇਸ਼ ਕੰਪਨੀਆਂ — ਬੈਂਕ ਆਫ਼ ਅਮਰੀਕਾ ਅਤੇ ਗੋਲਡਮੈਨ ਸਾਕਸ — ਨੇ ਅੰਦਾਜ਼ਾ ਲਾਇਆ ਹੈ ਕਿ 2026 ਤੱਕ ਸੋਨਾ 4,000 ਡਾਲਰ ਪ੍ਰਤੀ ਔਂਸ ਤੋਂ ਵੀ ਉੱਪਰ ਜਾ ਸਕਦਾ ਹੈ।
ਇਹ ਸਾਰਾ ਹਾਲਾਤ ਵੇਖ ਕੇ ਇੱਉਂ ਲੱਗ ਰਿਹਾ ਹੈ ਕਿ ਦੁਨੀਆ ਵਿੱਚ ਚੱਲ ਰਹੀ ਅਨਿਸ਼ਚਿਤਤਾ ਵਿਚ ਨਿਵੇਸ਼ਕਾਂ ਲਈ ਸੋਨਾ ਇੱਕ ਵਾਰ ਫਿਰ ਸੁਰੱਖਿਅਤ ਠਿਕਾਣਾ ਬਣ ਗਿਆ ਹੈ।
What's Your Reaction?






